ਜੌਨ ਕੀਟਸ
ਜੌਨ ਕੀਟਸ | |
---|---|
ਜਨਮ | ਮੂਰਗੇਟ, ਲੰਡਨ, ਇੰਗਲੈਂਡ | 31 ਅਕਤੂਬਰ 1795
ਮੌਤ | 23 ਫਰਵਰੀ 1821 ਰੋਮ, ਪੇਪਲ ਸਟੇਟਸ | (ਉਮਰ 25)
ਕਿੱਤਾ | ਕਵੀ |
ਸਾਹਿਤਕ ਲਹਿਰ | ਰੋਮਾਂਸਵਾਦ |
ਰਿਸ਼ਤੇਦਾਰ | ਜਾਰਜ ਕੀਟਸ (ਭਰਾ) |
ਜੌਨ ਕੀਟਸ (/ˈkiːts/; 31 ਅਕਤੂਬਰ 1795 - 23 ਫ਼ਰਵਰੀ 1821) ਅੰਗਰੇਜ਼ੀ ਰੋਮਾਂਟਿਕ ਕਵੀ ਸੀ। ਉਹ ਲਾਰਡ ਬਾਇਰਨ ਅਤੇ ਪਰਸੀ ਬਿਸ ਸ਼ੈਲੇ ਸਹਿਤ ਰੋਮਾਂਟਿਕ ਕਵੀਆਂ ਦੀ ਦੂਜੀ ਪੀੜ੍ਹੀ ਦੀਆਂ ਅਹਿਮ ਹਸਤੀਆਂ ਵਿੱਚੋਂ ਇੱਕ ਸੀ, ਹਾਲਾਂਕਿ ਉਹਦੀਆਂ ਰਚਨਾਵਾਂ ਉਹਦੀ ਮੌਤ ਤੋਂ ਮਾਤਰ ਚਾਰ ਸਾਲ ਪਹਿਲਾਂ ਪ੍ਰਕਾਸ਼ਿਤ ਹੋਈਆਂ ਸਨ।[1]
ਜ਼ਿੰਦਗੀ ਦਾ ਵੇਰਵਾ
[ਸੋਧੋ]ਕੀਟਸ ਦਾ ਜਨਮ 31 ਅਕਤੂਬਰ 1795 ਨੂੰ ਇੰਗਲੈਂਡ ਦੇ ਸ਼ਹਿਰ ਲੰਦਨ ਦੇ ਕ਼ਰੀਬ ਮੂਰਗੇਟ ਵਿੱਚ ਹੋਇਆ। ਦਰਅਸਲ ਉਸਦੇ ਜਨਮ ਸਥਾਨ ਦਾ ਕਿਸੇ ਨੂੰ ਪੱਕਾ ਪਤਾ ਨਹੀਂ। ਉਸ ਦਾ ਬਾਪ ਜਲਦ ਹੀ ਫ਼ੌਤ ਹੋ ਗਿਆ ਸੀ। ਭਾਵੇਂ ਕੀਟਸ ਅਤੇ ਉਸਦਾ ਪਰਵਾਰ 29 ਅਕਤੂਬਰ ਨੂੰ ਉਹਦੀ ਜਨਮ ਤਾਰੀਖ ਦੱਸਦੇ ਹਨ, ਬੈਪਤਿਸਮਾ ਰਿਕਾਰਡਾਂ ਵਿੱਚ ਇਹ 31 ਅਕਤੂਬਰ ਸੀ।[2] ਉਹ ਜ਼ਿੰਦਾ ਰਹੇ ਚਾਰ ਬੱਚਿਆਂ ਵਿੱਚੋਂ ਸਭ ਤੋਂ ਵੱਡਾ ਸੀ; ਬਾਕੀ ਤਿੰਨ ਸਨ: ਜਾਰਜ (1797–1841), ਥਾਮਸ (1799–1818), ਅਤੇ ਫ੍ਰਾਂਸਿਸ ਮੈਰੀ "ਫੈਨੀ" (1803–1889) ਜਿਸਨੇ ਅੰਤ ਸਪੇਨੀ ਲੇਖਕ ਵਾਲੇਂਟਿਨਲਾਨੋਸ ਗੁਤੀਰਰੇਜ਼ ਨਾਲ ਸ਼ਾਦੀ ਕਰਵਾਈ ਸੀ।[3] 1811 ਵਿੱਚ ਉਹ ਨੇ ਸਕੂਲ ਤੋਂ ਫਾਰਿਗ ਹੋ ਕੇ ਇੱਕ ਸਰਜਨ ਥਾਮਸ ਹਾਮਨਡ ਦੇ ਨਾਲ ਸਰਜਰੀ ਸਿੱਖਣ ਲਗਾ ਅਤੇ ਜੁਲਾਈ 1815 ਵਿੱਚ ਉਸ ਨੇ ਇਮਤੀਹਾਨ ਪਾਸ ਕਰ ਲਿਆ। ਮਗਰ ਸਕੂਲ ਛੱਡਣ ਦੇ ਪਹਿਲੇ ਜ਼ਮਾਨੇ ਵਿੱਚ ਹੀ ਉਸ ਨੂੰ ਸ਼ਾਇਰੀ ਦਾ ਸ਼ੌਕ ਹੋ ਗਿਆ ਸੀ ਅਤੇ ਉਸ ਨੇ ਕਲਾਸੀਕਲ ਲਿਟਰੇਚਰ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਵਿੱਚ ਉਸ ਦੇ ਦੋਸਤ ਚਾਰਲਸ ਅੱਸੂਡਨ ਕਲੀਰਕ ਦਾ ਵੱਡਾ ਹਿੱਸਾ ਸੀ। ਫਿਰ ਜਾਨ ਕੀਟਸ ਨੇ ਖ਼ੁਦ ਨੂੰ ਸ਼ਾਇਰੀ ਲਈ ਵਕਫ ਕਰ ਦਿੱਤਾ। ਉਹ ਲੰਦਨ ਦੇ ਮਸ਼ਹੂਰ ਸ਼ਾਇਰਾਂ ਨੂੰ ਮਿਲਿਆ। ਦੋਸਤਾਂ ਦੀ ਹੌਸਲਾ ਅਫ਼ਜ਼ਾਈ ਸਦਕਾ ਉਸਨੇ ਸੰਜੀਦਗੀ ਨਾਲ ਲਿਖਣਾ ਸ਼ੁਰੂ ਕਰ ਦਿੱਤਾ। ਮਾਰਚ 1817 ਵਿੱਚ ਉਸ ਦੀ ਇੱਕ ਸ਼ਾਇਰੀ ਦੀ ਕਿਤਾਬ ਪ੍ਰਕਾਸ਼ਿਤ ਹੋਈ ਅਤੇ ਫਿਰ ਅਪ੍ਰੈਲ 1818 - ਵਿੱਚ ਇੱਕ ਹੋਰ ਕਿਤਾਬ। 1818 ਵਿੱਚ ਜਾਨ ਦਾ ਭਰਾ ਟਾਮ ਮਰ ਗਿਆ ਅਤੇ ਦੂਜਾ ਭਰਾ ਜਾਰਜ ਵਿਆਹ ਕਰਕੇ ਅਮਰੀਕਾ ਚਲਾ ਗਿਆ। ਇਵੇਂ ਜਾਨ ਕੀਟਸ ਦੁਖੀ ਅਤੇ ਤਨਹਾ ਰਹਿ ਗਿਆ। ਲੀਵਰਪੂਲ ਤੋਂ ਸਕਾਟਲੈਂਡ ਤੱਕ ਇੱਕ ਸਫ਼ਰ ਵਿੱਚ ਜਾਨ ਕੀਟਸ ਬੀਮਾਰ ਹੋ ਗਿਆ ਅਤੇ ਇਵੇਂ ਉਸ ਦੀ ਬਿਮਾਰੀ ਵੱਧਦੀ ਗਈ। ਅਕਤੂਬਰ 1818 ਵਿੱਚ ਜਾਨ ਨੂੰ ਮਿਸ ਫ਼ੇਨੀ ਬਰਾਉਨਈ ਨਾਲ ਪਿਆਰ ਹੋ ਗਿਆ ਮਗਰ ਫ਼ੇਨੀ ਦੀ ਮਾਂ ਨੇ ਇਹ ਕਹਿ ਕੇ ਰਿਸ਼ਤਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸ਼ਾਇਰ ਲੋਕ ਹਮੇਸ਼ਾ ਭੁੱਖੇ ਮਰਦੇ ਹਨ। ਬੀਮਾਰੀ ਅਤੇ ਵਿਆਹ ਤੋਂ ਮਿਲੇ ਇਨਕਾਰ ਨੇ ਉਸ ਦੀ ਸਿਰਜਨਾਤਮਿਕਤਾ ਵਿੱਚੋਂ ਉਹ ਸ਼ੇਅਰ ਕੱਢੇ ਕਿ ਜਾਨ ਕੀਟਸ ਦੀ ਪੰਝੀ ਸਾਲਾ ਜਿੰਦਗੀ ਅਮਰ ਹੋ ਗਈ। ਫਰਵਰੀ 1820 ਉਹ ਇੱਕ ਮਹੀਨਾ ਬਿਸਤਰਾ ਤੇ ਰਿਹਾ ਅਤੇ ਸਤੰਬਰ 1820 ਨੂੰ ਉਸਨੂੰ ਇੰਗਲਿਸਤਾਨ ਤੋਂ ਇਟਲੀ ਲੈ ਜਾਇਆ ਗਿਆ ਕਿਉਂਕਿ ਉਸ ਦੀ ਜ਼ਿੰਦਗੀ ਦੀ ਆਖ਼ਿਰੀ ਖਾਹਿਸ ਇਹ ਹੀ ਸੀ। ਮਗਰ 23 ਫਰਵਰੀ 1821 ਨੂੰ ਇਹ ਅਜ਼ੀਮ ਸ਼ਾਇਰ ਸਿਰਫ ਪੰਝੀ ਸਾਲ ਦੀ ਉਮਰ ਵਿੱਚ ਇਟਲੀ ਦੇ ਸ਼ਹਿਰ ਰੁਮ ਵਿੱਚ ਦਮ ਤੋੜ ਗਿਆ।
ਕਾਵਿ ਨਮੂਨਾ
[ਸੋਧੋ]On the Grasshopper and Cricket (ਅਨੁਵਾਦ ਬਲਰਾਮ)
ਧਰਤੀ ਦਾ ਗੀਤ ਕਦੇ ਨਹੀਂ ਮਰਦਾ,
ਨਾ ਇਹ ਸੁੱਕੇ, ਨਾ ਇਹ ਥੱਕੇ,
ਕਲ਼-ਕਲ਼ ਜਾਏ ਵਗਦਾ;
ਭਖਿਆ ਸੂਰਜ ਤਪੀ ਦੁਪਹਿਰੀ,
ਜੀਆ ਜੰਤ ਕੁਮਲਾਇਆ,
ਨੀੜਾਂ ਵਿੱਚ ਜਾ ਛੁਪੇ ਪਖੇਰੂ,
ਵਣ ਤ੍ਰਿਣ ਸਭ ਤਿਹਾਇਆ;
ਟੱਪੇ ਕੁੱਦੇ ਭਰੇ ਚੁੰਘੀਆਂ,
ਲੂਹ ਦਾ ਜਸ਼ਨ ਮਨਾਵੇ,
ਘਾਹ ਦਾ ਸਬਜ਼ ਮੜਕ ਜਿਹਾ
ਟਿੱਡਾ, ਖੌਰੇ ਕੀ ਮਨ ਭਾਵੇ;
ਸੁੰਨਮ-ਸੁੰਨੀਆਂ ਸਭ ਚਰਗਾਹਾਂ,
ਬੰਦਾ ਨਾਹੀ ਪਰਿੰਦਾ,
ਮੁੱਛਾਂ ਚਾੜ੍ਹੀਂ ਫ਼ਿਰੇ ਚੁਫ਼ੇਰੇ,
ਛਿਣ ਭਰ ਟਿਕ ਨਹੀਂ ਬਹਿਂਦਾ,
ਲਕ-ਲਕ ਖੁਭਿਆ ਵਿੱਚ ਮਸਤੀ ਦੇ,
ਚਾਵਾਂ ਵਿੱਚ ਥੱਕ ਚੂਰ ਹੋ ਗਿਆ,
ਘਾਹ ਦੀ ਕੁੱਛੜੇ ਜਾ ਚੜਿਆ ਹੁਣ
ਮਸਤ ਨੀਂਦਰੇ ਪਿਆ ਸੌਂ ਰਿਹਾ|
ਧਰਤੀ ਦਾ ਗੀਤ ਕਦੇ ਨਹੀਂ ਮਰਦਾ,
ਨਾ ਇਹ ਸੁੱਕੇ, ਨਾ ਇਹ ਥੱਕੇ,
ਕਲ਼-ਕਲ਼ ਜਾਏ ਵਗਦਾ;
ਸਿਆਲਾਂ ਦੀ ਸੁੰਨੀ ਸ਼ਾਮ ਜਦੋਂ,
ਕੱਕਰ ਦੇ ਜਫੇ ਜਾ ਵੜਦੀ,
ਚੂੰ ਨਾ ਕਿਸੇ ਦੇ ਮੁੰਹੋਂ ਸਰਦੀ,
ਸੂਲੋਂ ਤਿਖੀ ਹੂਕ ਕੋਈ,
ਕਿਸੇ ਸਿੱਲ ਦੀ ਹਿੱਕੋਂ ਝੜਦੀ;
ਇਹ ਤੇ ਗੀਤ ਝੀਂਗਰ ਦਾ ਸਾਈਂ,
ਜਾਪੇ ਮੈਂ ਉਂਘਲਾਉਂਦਾ ਜਾਵਾਂ,
ਹੋਸ਼ ਤਾਂ ਜਾਏ ਕਿਰਦੀ,
ਘਾਹ ਦੇ ਕਿਸੇ ਅਣਦੇਖੇ ਟਿਲੇ,
ਜਿਉਂ ਟਿਡੀ ਧੁਸ ਵੜਦੀ|
ਧਰਤੀ ਦਾ ਗੀਤ ਕਦੇ ਨਹੀਂ ਮਰਦਾ,
ਨਾ ਇਹ ਸੁੱਕੇ, ਨਾ ਇਹ ਥੱਕੇ,
ਕਲ਼-ਕਲ਼ ਜਾਏ ਵਗਦਾ
ਮੌਤ
[ਸੋਧੋ]ਕੀਟਸ ਦੇ ਪਿਛਲੇ ਸਾਲਾਂ ਦੀ ਕਹਾਣੀ ਉਦਾਸੀ ਭਰੀ ਗਾਥਾ ਹੈ। 1819 ਦੀ ਸਰਦੀ ਵਿੱਚ ਉਸ ਨੇ ਕਵਿਤਾ ਛੱਡ ਦੇਣ ਅਤੇ ਲੰਡਨ ਸਮੀਖਿਆ ਲਈ ਲਿਖਣ ਦਾ ਫੈਸਲਾ ਕਰੀਬ ਕਰੀਬ ਕਰ ਹੀ ਲਿਆ ਸੀ। ਉਸ ਅਕਸਰ ਉਲਝਣ ਵਿੱਚ ਅਤੇ ਨਿਰਾਸ਼ ਰਹਿੰਦਾ। ਪੈਸੇ ਦੀ ਚਿੰਤਾ ਅਤੇ ਫੈਨੀ ਬਰਾਨ ਨਾਲ ਵਿਆਹ ਕਰਨ ਦੇ ਅਸਮਰੱਥ ਹੋਣ ਦੀ ਪੀੜ ਉਸਨੂੰ ਨਪੀੜਦੀ ਰਹਿੰਦੀ ਸੀ। 1821 ਦੇ ਪਹਿਲੇ ਮਹੀਨੇ ਟੀਬੀ ਦੀ ਫਾਈਨਲ ਅਵਸਥਾ ਵਿੱਚ ਹੌਲੀ ਹੌਲੀ ਪਰ ਨਿਰੰਤਰ ਗਿਰਾਵਟ ਨਜ਼ਰ ਆਉਣ ਲੱਗ ਪਈ ਸੀ। ਕੀਟਸ ਨੂੰ ਖੰਘ ਵਿੱਚ ਖੂਨ ਆਉਂਦਾ ਸੀ ਅਤੇ ਉਹ ਮੁੜ੍ਹਕੇ ਨਾਲ ਗੜੁਚ ਰਹਿੰਦਾ ਸੀ। 23 ਫਰਵਰੀ 1821 ਦੀ ਰਾਤ ਨੂੰ ਸੇਵੇਰਨ ਦੀ ਗੋਦ ਵਿੱਚ ਉਸ ਦੀ ਮੌਤ ਹੋ ਗਈ। ਉਸ ਦੇ ਆਖਰੀ ਸ਼ਬਦ ਸੇਵੇਰਨ ਨੂੰ ਦਿਲਾਸਾ ਦੇਣ ਲਈ ਸਨ: "ਸੇਵੇਰਨ -ਚੁੱਕ ਲੈ ਮੈਨੂੰ -ਮੈਨੂੰ ਮਰਨ-ਮੈਂ ਮਰ ਰਿਹਾ ਹਾਂ-ਮਰ ਜਾਵਾਂਗਾ ਮੈਂ ਆਰਾਮ ਨਾਲ-ਦ੍ਰਿੜ ਹੋ ਤੂੰ-ਨਾ ਡਰ, ਅਤੇ ਆਖਰ ਆ ਗਈ ਹੈ ਇਹ ਪਰਮੇਸ਼ੁਰ ਦਾ ਧੰਨਵਾਦ ਕਰ!" ਉਹ ਪ੍ਰੋਟੈਸਟੈਂਟ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ ਸੀ। ਉਸ ਨੇ ਬੇਨਤੀ ਕੀਤੀ ਸੀ ਕਿ ਪੱਥਰ ਤੇ ਕੋਈ ਨਾਮ ਨਾ ਲਿਖਣਾ ਬੱਸ ਏਨਾ ਲਿਖਣਾ, "ਇੱਥੇ ਦਫ਼ਨ ਹੈ ਉਹ, ਜਿਸ ਦਾ ਨਾਮ ਲਿਖਿਆ ਸੀ ਪਾਣੀ ਤੇ।"
ਨੋਟ
[ਸੋਧੋ]ਹਵਾਲੇ
[ਸੋਧੋ]- ↑ O'Neill and Mahoney (1988), 418
- ↑ Kelvin Everest, "Keats, John (1795–1821)", Oxford Dictionary of National Biography, Oxford University Press, 2004 Online (subscription only)
- ↑ "Literary gossip". The Week: a Canadian journal of politics, literature, science and arts. 1 (4): 61. 27 Dec 1883. Retrieved 23 April 2013.
ਬਾਹਰੀ ਲਿੰਕ
[ਸੋਧੋ]- ਜੌਨ ਕੀਟਸ ਦੀਆਂ ਲਿਖਤਾਂ ਈਬੁਕ ਦੇ ਰੂਪ ਵਿੱਚ, ਸਟੈਂਡਰਡ ਈਬੁਕਸ ਤੇ
- John Keats ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Works by or about ਜੌਨ ਕੀਟਸ at Internet Archive
- Works by ਜੌਨ ਕੀਟਸ at LibriVox (public domain audiobooks)
- John Keats Archived 2021-06-24 at the Wayback Machine. on the British Library's Discovering Literature website
- John Keats at the Poetry Foundation
- Biography of Keats at poets.org
- The Harvard Keats Collection at the Houghton Library, Harvard University
- Keats House, Hampstead: official website
- The Keats-Shelley House museum in Rome
- John Keats at the National Portrait Gallery
- Keats, John (1795–1821) Poet at the National Archives
- Mapping Keats's Progress: A Critical Chronology